ਪੰਜਾਬ ਵਿਚੋਂ ਰੇਤ ਮਾਫ਼ੀਆ ਦੀਆਂ ਜੜ੍ਹਾਂ ਪੁੱਟਣ ਵਾਲੀ ਇੱਕੋ-ਇੱਕ ਸਰਕਾਰ ਭਗਵੰਤ ਮਾਨ ਦੀ ਹੈ: ਇੰਜੀਨੀਅਰ ਮੁਹੰਮਦ ਉਵੈਸ

Oct 31, 2026 - 21:56
ਪੰਜਾਬ ਵਿਚੋਂ ਰੇਤ ਮਾਫ਼ੀਆ ਦੀਆਂ ਜੜ੍ਹਾਂ ਪੁੱਟਣ ਵਾਲੀ ਇੱਕੋ-ਇੱਕ ਸਰਕਾਰ ਭਗਵੰਤ ਮਾਨ ਦੀ ਹੈ: ਇੰਜੀਨੀਅਰ ਮੁਹੰਮਦ ਉਵੈਸ

ਮਾਲੇਰਕੋਟਲਾ ਸਮੇਤ ਪੂਰੇ ਪੰਜਾਬ ਦੀ ਧਰਤੀ ਅਤੇ ਦਰਿਆਵਾਂ ਨੂੰ ਲੁੱਟਣ ਵਾਲਿਆਂ ਖ਼ਿਲਾਫ਼ 'ਆਪ' ਸਰਕਾਰ ਨੇ ਛੇੜੀ ਜੰਗ - ਇੰਜੀਨੀਅਰ ਮੁਹੰਮਦ ਉਵੈਸ

ਮਾਲੇਰਕੋਟਲਾ, 31 ਅਕਤੂਬਰ 2026: ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਨੌਜਵਾਨ ਆਗੂ ਇੰਜੀਨੀਅਰ ਮੁਹੰਮਦ ਉਵੈਸ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਖ਼ਿਲਾਫ਼  ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ, ਉਹ ਪੰਜਾਬ ਦੇ ਇਤਿਹਾਸ ਵਿੱਚ ਬੇਮਿਸਾਲ ਹੈ। ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਭਰ ਵਿੱਚ 1845 ਐੱਫ.ਆਈ.ਆਰ. ਦਰਜ ਕਰਕੇ, 3988 ਵਾਹਨ ਤੇ ਮਸ਼ੀਨਾਂ ਜ਼ਬਤ ਕਰਕੇ ਅਤੇ 28.70 ਕਰੋੜ ਰੁਪਏ ਦੇ ਜੁਰਮਾਨੇ ਲਗਾ ਕੇ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਪੰਜਾਬ ਵਿੱਚ ਮਾਫ਼ੀਆ ਰਾਜ ਦੇ ਦਿਨ ਲੱਦ ਚੁੱਕੇ ਹਨ।

ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ ਕਿ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜੋ ਅੰਕੜੇ ਪੇਸ਼ ਕੀਤੇ ਗਏ ਹਨ, ਉਹ ਭਗਵੰਤ ਮਾਨ ਸਰਕਾਰ ਦੀ ਇਮਾਨਦਾਰੀ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਦਾ ਮੂੰਹ ਬੋਲਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਰੇਤ ਅਤੇ ਬਜਰੀ ਮਾਫ਼ੀਆ ਨੂੰ ਪਾਲ਼ ਕੇ ਪੰਜਾਬ ਦੇ ਦਰਿਆਵਾਂ ਅਤੇ ਧਰਤੀ ਨੂੰ ਲੁੱਟਣ ਦਿੱਤਾ, ਉਸੇ ਮਾਫ਼ੀਆ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਨੱਥ ਪਾ ਕੇ ਦਿਖਾ ਦਿੱਤੀ।

ਇੰਜੀਨੀਅਰ ਉਵੈਸ ਨੇ ਸਾਲਾਨਾ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਲ 2022 ਵਿੱਚ 735 ਐੱਫ.ਆਈ.ਆਰ. ਦਰਜ ਹੋਈਆਂ ਅਤੇ 802 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ, 89 ਲੱਖ ਰੁਪਏ ਜੁਰਮਾਨੇ ਲਗਾਏ ਗਏ ਅਤੇ 88 ਲੱਖ ਰੁਪਏ ਵਸੂਲੇ ਗਏ। ਸਾਲ 2023 ਵਿੱਚ 458 ਐੱਫ.ਆਈ.ਆਰ. ਦਰਜ ਹੋਈਆਂ ਅਤੇ 987 ਜ਼ਬਤੀਆਂ ਕੀਤੀਆਂ ਗਈਆਂ, 6.64 ਕਰੋੜ ਦੇ ਜੁਰਮਾਨੇ ਲਗਾ ਕੇ 6.17 ਕਰੋੜ ਵਸੂਲ ਕੀਤੇ ਗਏ। ਸਾਲ 2024 ਵਿੱਚ 294 ਐੱਫ.ਆਈ.ਆਰ. ਦਰਜ ਹੋਈਆਂ ਅਤੇ 1077 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ, 9.74 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਅਤੇ 9.56 ਕਰੋੜ ਵਸੂਲੇ ਗਏ। ਸਾਲ 2025 ਵਿੱਚ 111 ਐੱਫ.ਆਈ.ਆਰ., 454 ਜ਼ਬਤੀਆਂ, 2.76 ਕਰੋੜ ਜੁਰਮਾਨੇ ਅਤੇ 2.70 ਕਰੋੜ ਵਸੂਲੀ ਕੀਤੀ ਗਈ।

ਸਾਲ 2026 ਦੇ ਤਾਜ਼ਾ ਅੰਕੜਿਆਂ ਦਾ ਜ਼ਿਕਰ ਕਰਦਿਆਂ ਇੰਜੀਨੀਅਰ ਉਵੈਸ ਨੇ ਕਿਹਾ ਕਿ ਇਸ ਸਾਲ ਹੁਣ ਤੱਕ 247 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, 668 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ, 8.67 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ ਅਤੇ 8.02 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੁਲਾਈ 2026 ਤੱਕ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਦੇ ਨਿਯਮ 74 ਅਤੇ 75 ਤਹਿਤ 77 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 192 ਚਲਾਨ ਕੀਤੇ ਗਏ, 2.06 ਕਰੋੜ ਜੁਰਮਾਨੇ ਲਗਾ ਕੇ 1.93 ਕਰੋੜ ਵਸੂਲੇ ਗਏ। ਜੁਲਾਈ ਤੋਂ ਅਕਤੂਬਰ 2026 ਦੌਰਾਨ 170 ਹੋਰ ਐੱਫ.ਆਈ.ਆਰ. ਦਰਜ ਹੋਈਆਂ, 476 ਚਲਾਨ ਕੀਤੇ ਗਏ, 6.61 ਕਰੋੜ ਜੁਰਮਾਨੇ ਲਗਾਏ ਗਏ ਅਤੇ 6.17 ਕਰੋੜ ਵਸੂਲ ਕੀਤੇ ਗਏ।

ਹਾਲੀਆ ਛਾਪਿਆਂ ਦੇ ਵੇਰਵੇ ਦਿੰਦਿਆਂ ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ ਕਿ ਮਾਨ ਸਰਕਾਰ ਦੇ ਅਧਿਕਾਰੀ ਦਿਨ-ਰਾਤ ਇੱਕ ਕਰਕੇ ਮਾਫ਼ੀਆ ਦੀਆਂ ਜੜ੍ਹਾਂ ਪੁੱਟ ਰਹੇ ਹਨ। ਉਨ੍ਹਾਂ ਦੱਸਿਆ ਕਿ 6 ਅਕਤੂਬਰ 2026 ਨੂੰ ਲੁਧਿਆਣਾ ਦੇ ਸਿਧਵਾਂ ਬੇਟ ਇਲਾਕੇ ਵਿੱਚ ਰਾਤ ਵੇਲੇ ਕਾਰਵਾਈ ਕਰਕੇ ਰੇਤ ਨਾਲ ਭਰਿਆ ਬਿਨਾਂ ਨੰਬਰੀ ਟਿੱਪਰ ਕਾਬੂ ਕੀਤਾ ਗਿਆ ਅਤੇ ਐੱਫ.ਆਈ.ਆਰ. ਨੰਬਰ 283/2026 ਦਰਜ ਕੀਤੀ ਗਈ। 7 ਅਕਤੂਬਰ ਨੂੰ ਅੰਮ੍ਰਿਤਸਰ ਦੀ ਤਹਿਸੀਲ ਲੋਪੋਕੇ ਦੇ ਪਿੰਡ ਕੋਟ ਸਿੱਧੂ ਵਿੱਚ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਦਾ ਪਰਦਾਫ਼ਾਸ਼ ਕਰਕੇ ਤਿੰਨ ਜੇ.ਸੀ.ਬੀ. ਮਸ਼ੀਨਾਂ, ਇੱਕ ਖੁਦਾਈ ਮਸ਼ੀਨ ਅਤੇ ਸੱਤ ਟਿੱਪਰ ਫੜੇ ਗਏ।

ਇੰਜੀਨੀਅਰ ਉਵੈਸ ਨੇ ਅੱਗੇ ਦੱਸਿਆ ਕਿ 11 ਅਕਤੂਬਰ ਨੂੰ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ ਰਾਤ ਦੇ ਹਨੇਰੇ ਵਿੱਚ ਛਾਪੇ ਮਾਰ ਕੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਤਿੰਨ ਐਕਸਕੇਵੇਟਰ/ਬੈਕਹੋ ਲੋਡਰ ਤੇ ਦੋ ਟਿੱਪਰ ਜ਼ਬਤ ਕੀਤੇ ਗਏ। 16 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਸਵਾੜਾ ਵਿਖੇ ਟਾਟਾ ਹਿਟਾਚੀ ਪੋਕਲੇਨ ਮਸ਼ੀਨ ਜ਼ਬਤ ਕੀਤੀ ਅਤੇ ਜ਼ਮੀਨ ਮਾਲਕ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ। ਇਸੇ ਦਿਨ ਅੰਮ੍ਰਿਤਸਰ ਦੇ ਪਿੰਡ ਕੋਹਾਲੀ ਵਿੱਚ ਵੀ ਦੋ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ।

17 ਅਕਤੂਬਰ ਦੀ ਦੇਰ ਰਾਤ ਪਠਾਨਕੋਟ ਦੇ ਪਿੰਡ ਜੱਸਵਾਂ ਵਿੱਚ ਪਹਿਲਾਂ ਤੋਂ ਮੁਅੱਤਲ ਤ੍ਰੇਹਨ ਸਟੋਨ ਕਰੱਸ਼ਰ 'ਤੇ ਛਾਪਾ ਮਾਰ ਕੇ ਪੋਕਲੇਨ ਮਸ਼ੀਨ ਅਤੇ 400 ਕਿਊਬਿਕ ਫੁੱਟ ਬਜਰੀ ਵਾਲਾ ਟਿੱਪਰ ਜ਼ਬਤ ਕੀਤਾ ਗਿਆ। ਇਸੇ ਦਿਨ ਕਪੂਰਥਲਾ ਦੇ ਪਿੰਡ ਖਿਜਰਪੁਰ ਵਿੱਚ ਛੇ ਟਿੱਪਰ, ਇੱਕ ਪੋਕਲੇਨ ਅਤੇ ਇੱਕ ਟਰੈਕਟਰ ਜ਼ਬਤ ਕੀਤਾ ਗਿਆ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। 24 ਅਕਤੂਬਰ ਨੂੰ ਵਿਭਾਗ ਦੇ ਉਡਣ ਦਸਤੇ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨੰਗਲ ਇਲਾਕੇ ਦੇ ਪਿੰਡ ਭਲਾਣ ਨੇੜੇ ਸਿੰਘ ਟਰੇਡਰਜ਼ ਕਰੱਸ਼ਰ ਨਾਲ ਸਬੰਧਤ ਦੋ ਵਾਹਨ ਜ਼ਬਤ ਕੀਤੇ।

ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ ਕਿ ਇਹ ਅੰਕੜੇ ਕਿਸੇ ਜ਼ੁਬਾਨੀ ਦਾਅਵੇ ਨਹੀਂ ਬਲਕਿ ਜ਼ਮੀਨੀ ਹਕੀਕਤ ਹਨ। ਭਗਵੰਤ ਮਾਨ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਮਾਫ਼ੀਆ ਦੀ ਕਮਰ ਤੋੜ ਕੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਰਾਖੀ ਕੀਤੀ ਹੈ ਅਤੇ ਸਰਕਾਰੀ ਖ਼ਜ਼ਾਨੇ ਵਿੱਚ ਕਰੋੜਾਂ ਰੁਪਏ ਜਮ੍ਹਾਂ ਕਰਵਾ ਕੇ ਜਨਤਾ ਦੀ ਭਲਾਈ ਲਈ ਵਰਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਰੇਤ ਮਾਫ਼ੀਆ ਖੁੱਲ੍ਹੇਆਮ ਧਰਤੀ ਅਤੇ ਦਰਿਆਵਾਂ ਨੂੰ ਲੁੱਟਦਾ ਰਿਹਾ ਅਤੇ ਸਿਆਸੀ ਸ਼ਹਿ 'ਤੇ ਮਾਫ਼ੀਆ ਦਾ ਰਾਜ ਚੱਲਦਾ ਰਿਹਾ, ਪਰ 'ਆਪ' ਸਰਕਾਰ ਨੇ ਇਸ ਗੰਦੇ ਸਿਸਟਮ ਨੂੰ ਜੜ੍ਹੋਂ ਪੁੱਟ ਸੁੱਟਿਆ ਹੈ।

ਇੰਜੀਨੀਅਰ ਮੁਹੰਮਦ ਉਵੈਸ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਸਿਰਫ਼ ਕਾਨੂੰਨ ਦੀ ਉਲੰਘਣਾ ਨਹੀਂ, ਇਹ ਪੰਜਾਬ ਦੀ ਧਰਤੀ, ਪਾਣੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਧੋਖਾ ਹੈ। ਮਾਲੇਰਕੋਟਲਾ ਦੀ ਜਨਤਾ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਜਿਹੀ ਇਮਾਨਦਾਰ ਅਤੇ ਸਖ਼ਤ ਸਰਕਾਰ ਨੂੰ ਚੁਣਿਆ ਜੋ ਮਾਫ਼ੀਆ ਦੀ ਧੌਂਸ ਅੱਗੇ ਝੁਕਣ ਦੀ ਥਾਂ ਉਸ ਨੂੰ ਝੁਕਾਉਣ ਦਾ ਹੌਸਲਾ ਰੱਖਦੀ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜ਼ੀਰੋ ਟਾਲਰੈਂਸ ਨੀਤੀ ਰਾਹੀਂ ਨਾ ਸਿਰਫ਼ ਮਾਫ਼ੀਆ ਨੂੰ ਜੇਲ੍ਹ ਭੇਜਿਆ ਬਲਕਿ ਜੁਰਮਾਨਿਆਂ ਰਾਹੀਂ ਵਸੂਲੇ 27.33 ਕਰੋੜ ਰੁਪਏ ਲੋਕਾਂ ਦੇ ਵਿਕਾਸ ਲਈ ਵਰਤੇ ਜਾ ਰਹੇ ਹਨ। ਇਹੀ ਫ਼ਰਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵਿੱਚ, ਪਹਿਲਾਂ ਪੈਸਾ ਨੇਤਾਵਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ, ਹੁਣ ਲੋਕਾਂ ਦੇ ਕੰਮ ਆ ਰਿਹਾ ਹੈ।

ਅੰਤ ਵਿੱਚ ਇੰਜੀਨੀਅਰ ਮੁਹੰਮਦ ਉਵੈਸ ਨੇ ਮਾਲੇਰਕੋਟਲਾ ਅਤੇ ਸਮੁੱਚੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਗ਼ੈਰ-ਕਾਨੂੰਨੀ ਮਾਈਨਿੰਗ ਦੀ ਜਾਣਕਾਰੀ ਹੋਵੇ ਤਾਂ ਬੇਝਿਜਕ ਅੱਗੇ ਆ ਕੇ ਸ਼ਿਕਾਇਤ ਕਰਨ, ਭਗਵੰਤ ਮਾਨ ਦੀ ਸਰਕਾਰ ਹਰ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ।

ਸ਼ਿਵਮ ਮਦਾਨ ਸ਼ਿਵਮ ਮਦਾਨ "ਪਬਲਿਕ ਬਾਈਟਸ" ਦੇ ਸੰਸਥਾਪਕ ਅਤੇ ਸੰਪਾਦਕ ਹਨ। ਉਹ ਨਿਸਪੱਖ ਅਤੇ ਪ੍ਰਭਾਵਸ਼ਾਲੀ ਪੱਤਰਕਾਰਤਾ ਵਲ ਅੰਗੀਕਾਰ ਕਰਦੇ ਹੋਏ, ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਮਹੱਤਵਪੂਰਨ ਖ਼ਬਰਾਂ ਪਹੁੰਚਾਉਣ ਲਈ ਸਮਰਪਿਤ ਹਨ। ਉਨ੍ਹਾਂ ਦਾ ਉਦੇਸ਼ ਯਥਾਰਥਪੂਰਨ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਨਾ ਹੈ।